News

Panjab Times     29th February - 7th March 2024      www.panjabtimes.co.uk


ਯੂ. ਕੇ. ਵਿਚ ਪੰਜਾਬੀ ਭਾਸ਼ਾ ਦੇ ਅਕਾਦਮਿਕ ਵਜੂਦ ਨੂੰ ਬਚਾਉਣ ਲਈ ਇਕੱਤਰਤ

ਲੈਸਟਰ (ਇੰਗਲੈਂਡ), 5 ਮਾਰਚ (ਸੁਖਜਿੰਦਰ ਸਿੰਘ ਢੱਡੇ)-ਯੂ. ਕੇ. ਦੇ ਪੰਜਾਬੀਆਂ ਵੱਲੋਂ ਸਖ਼ਤ ਘਾਲਣਾ ਨਾਲ ਯੂ. ਕੇ. ਵਿਚ ਲਾਗੂ ਕਰਵਾਏ ਗਏ ਪੰਜਾਬੀ ਏ ਲੈਵਲ ਕੋਰਸਾਂ ਨੂੰ ਬੰਦ ਕਰਨ ਲਈ ਯੂ. ਕੇ. ਸਰਕਾਰ ਅਤੇ ਇਮਤਿਹਾਨ ਬੋਰਡਾਂ ਵੱਲੋਂ ਲਏ ਜਾ ਰਹੇ ਫ਼ੈਸਲੇ ਨੂੰ ਖ਼ਤਮ ਕਰਨ ਲਈ 2 ਆਰਜ਼ ਸੈਂਟਰ ਵੁਲਵਰਹੈਂਪਟਨ ਵਿਖੇ ਇਕੱਤਰਤਾ ਹੋਈ, ਜਿਸ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਅਤੇ ਅਕਾਦਮਿਕ ਭਵਿੱਖ ਬਾਰੇ ਵਿਚਾਰਾਂ ਹੋਈਆਂ। ਡਾ: ਭਜਨ ਸਿੰਘ ਦੇਵਸੀ ਨੇ ਮਨੁੱਖੀ ਅਧਿਕਾਰਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਡਾ ਦੇਸ਼ ਹੈ ਅਤੇ ਇਥੇ ਹਰ ਇਕ ਨੂੰ ਜਿੰਨਾ ਹੱਕ ਅੰਗਰੇਜ਼ੀ ਪੜ੍ਹਨ ਦਾ ਹੈ ਓਨਾ ਹੱਕ ਪੰਜਾਬੀ ਪੜ੍ਹਨ ਦਾ ਵੀ ਹੋਣਾ ਚਾਹੀਦਾ ਹੈ। ਖ਼ਾਲਸਾ ਕਾਲਜ ਵੁਲਵਰਹੈਂਪਟਨ ਦੇ ਪ੍ਰਿੰਸੀਪਲ ਨਿਰੰਜਨ ਸਿੰਘ ਢਿੱਲੋਂ ਨੇ ਨਿੱਜੀ ਤੌਰ 'ਤੇ ਕੀਤੀਆਂ ਕੋਸ਼ਿਸ਼ਾਂ ਬਾਰੇ ਦੱਸਦੇ ਹੋਏ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਪੰਜਾਬੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਈ ਜਾਵੇ। ਡਾ: ਰਤਨ ਰੀਹਲ ਨੇ ਪੰਜਾਬੀ ਮੀਡੀਆ ਦੀ ਮਦਦ ਨਾਲ ਯੂ. ਕੇ. ਵਿਚ ਪੰਜਾਬੀ ਭਾਸ਼ਾ ਲਹਿਰ ਚਲਾਉਣ 'ਤੇ ਜ਼ੋਰ ਦਿੱਤਾ। ਡਾ: ਸਾਧੂ ਸਿੰਘ ਐਮ. ਬੀ. ਏ. ਨੇ ਪੰਜਾਬੀ ਭਾਸ਼ਾ, ਪੰਜਾਬੀ ਸਮਾਜ ਅਤੇ ਸਿੱਖ ਧਰਮ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਲੋਕਾਂ ਨੂੰ ਜਾਗਰੂਕ ਕਰਨ ਦਾ ਵਿਸਾਖੀ ਮੌਕੇ ਇਕ ਵਧੀਆ ਮੌਕਾ ਸਾਡੇ ਸਾਹਮਣ ਹੈ। ਸ: ਹਰਮੀਤ ਸਿੰਘ ਭਕਨਾ

ਨੇ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਵੀ ਚੱਲ ਰਿਹਾ ਹੈ ਅਤੇ ਸਾਨੂੰ ਸਾਰੀਆਂ ਪਾਰਟੀਆਂ ਕੋਲੋਂ ਲਿਖਤੀ ਤੌਰ 'ਤੇ ਲੈਣਾ ਬਹੁਤ ਸੌਖਾ ਹੋਵੇਗਾ। ਸ: ਭੁਪਿੰਦਰ ਸਿੰਘ ਸੱਗੂ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਸਮਾਂ ਰਹਿੰਦੇ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਸਾਨੂੰ ਆਪਣੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰਨੀਆਂ ਹੋਣਗੀਆਂ। ਅਖੀਰ ਵਿਚ ਪ੍ਰਿੰਸੀਪਲ ਸ: ਨਿਰੰਜਨ ਸਿੰਘ ਢਿੱਲੋਂ ਅਤੇ ਸ: ਹਰਮੀਤ ਸਿੰਘ ਭਕਨਾ ਨੂੰ ਅਕਾਦਮਿਕ ਤੌਰ 'ਤੇ ਪੰਜਾਬੀ ਵਿਦਵਾਨਾਂ ਨਾਲ ਮੇਲ-ਮਿਲਾਪ ਕਰਕੇ ਰੂਪ-ਰੇਖਾ ਤਿਆਰ ਕਰਨ ਦੀ ਸੇਵਾ ਦਿੱਤੀ ਗਈ। ਡਾ: ਸਾਧੂ ਸਿੰਘ ਅਤੇ ਡਾ: ਰਤਨ ਸਿੰਘ ਰੀਹਲ ਨੂੰ ਮੀਡੀਆ ਰਾਹੀਂ ਇਕ ਤਕੜੀ ਲਹਿਰ ਚਲਾਉਣ ਦੀ ਸੇਵਾ ਦਿੱਤੀ। ਡਾ: ਭਜਨ ਸਿੰਘ ਦੇਵਸੀ, ਸ: ਭੁਪਿੰਦਰ ਸਿੰਘ ਸੱਗੂ ਅਤੇ ਸ: ਪ੍ਰਦੀਪ ਸਿੰਘ ਬਾਸੀ ਨੂੰ ਗੁਰਦੁਆਰਾ ਸਾਹਿਬਾਨ ਨਾਲ ਮੇਲ-ਮਿਲਾਪ ਕਰਕੇ ਵੱਧ ਤੋਂ ਵੱਧ ਸਹਿਯੋਗ ਲੈਣ ਦੀ ਸੇਵਾ ਦਿੱਤੀ ਗਈ।

Copyright 2017 panjabi2021.co.uk  Designed by Apps Pick Media Ltd